ਨਵੀਂ ਦਿੱਲੀ - ਸੰਸਾਰ ਵਿੱਚ ਸਿੱਖ ਹੀ ਇੱਕ ਅਜਿਹੀ ਕੌਮ ਹੈ ਜਿਸ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਜਿੰਨੀ ਮਾਨਤਾ, ਸਤਿਕਾਰ ਸੇਵਾ ਸੰਭਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ, ਹੋਰ ਕਿਸੇ ਵੀ ਧਰਮ ਦੇ ਗ੍ਰੰਥ ਦੀ ਨਹੀਂ ਹੈ। ਗੁਰੂ ਸਾਹਿਬਾਨ ਨੇ ਇਨਸਾਨ ਦੇ ਵਿਕਾਸ, ਸੋਝੀ ਅਤੇ ਸੁਚੱਜੀ ਜੀਵਨ ਜਾਚ ਲਈ ਗਿਆਨ ਨੂੰ ਪ੍ਰਧਾਨਤਾ ਬਖ਼ਸ਼ੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਆਪਣੀ ਨਵੀਂ ਪੀੜ੍ਹੀ ਨੂੰ ਸੰਭਾਲਣ, ਉਨ੍ਹਾਂ ਨੂੰ ਕਰਮ ਕਾਂਡਾਂ ਤੋਂ ਦੂਰ ਕਰਕੇ ਅਤੇ ਸਿੱਖੀ ਨਾਲ ਜੋੜਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਵੱਖ-ਵੱਖ ਥਾਵਾਂ ਤੇ “ ਗੁਰਮਤਿ ਕੈਂਪ 2025 “ ਲਗਾਇਆ ਜਾ ਰਿਹਾ ਹੈ , ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਇਸੇ ਕੜੀ ਤਹਿਤ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੰਤਗੜ੍ਹ ਵਿਖੇ ਗੁਰਮਤਿ ਕੈਂਪ ਸ਼ੁਰੂ ਕੀਤਾ ਗਿਆ । ਗਰਮੀਆਂ ਦੀਆਂ ਛੁਟੀਆਂ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਸਾਨੂੰ ਆਪਣੇ ਜਿੰਦਗੀ ਦੇ ਅਨਮੋਲ ਪਲ ਗੁਰੂ ਸਾਹਿਬ ਨਾਲ ਜੋੜਨੇ ਚਾਹੀਦੇ ਹਨ ਕਿਉਕਿ ਇਹੋ ਮਨੁੱਖੀ ਜਨਮ ਦੇ ਜੀਵਨ ਜਾਚ ਦਾ ਮੁੱਖ ਰਾਹ ਹੈ । ਗੁਰਬਾਣੀ ਅਤੇ ਸਿੱਖ ਸਿਧਾਂਤਾਂ ਨਾਲ ਜੁੜ ਕੇ ਜਿੱਥੇ ਸਾਡੇ ਪਰਿਵਾਰਾਂ ਦਾ ਆਪਸੀ ਪ੍ਰੇਮ ਪਿਆਰ ਵਧੇਗਾ, ਉੱਥੇ ਸਾਡੇ ਬੱਚੇ ਪਤਿਤਪੁਣੇ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਵੀ ਬਚ ਜਾਣਗੇ, ਜਿਸ ਨਾਲ ਬੱਚਿਆਂ ਦਾ ਆਪਣੇ ਪਰਿਵਾਰਾਂ ਅਤੇ ਸਮਾਜ ਪ੍ਰਤੀ ਪ੍ਰੇਮ ਪਿਆਰ ਵਧੇਗਾ, ਸਾਡੇ ਬੱਚੇ ਤੇ ਨੌਜਵਾਨ ਭੈੜੀਆਂ ਅਲਾਮਤਾਂ ਤੋਂ ਬਚੇ ਰਹਿਣਗੇ। ਇਸ ਨਾਲ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਵਿਚ ਵਾਧਾ ਹੋਵੇਗਾ, ਉੱਥੇ ਸਾਡਾ ਪੰਥ ਵੀ ਮੁੜ ਤੋਂ ਚੜ੍ਹਦੀ ਕਲਾ ਵੱਲ ਨੂੰ ਜਾਣਾ ਸ਼ੁਰੂ ਹੋ ਜਾਵੇਗਾ। ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਦਿੱਲੀ ਅਤੇ ਹੋਰ ਰਾਜਾਂ ਅੰਦਰ ਲਗਾਏ ਜਾ ਰਹੇ ਗੁਰਮਤਿ ਕੈਂਪਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਾਲ ਗੁਰਮਤਿ ਗਿਆਨ ਅਤੇ ਹੋਰ ਸਿੱਖ ਸਿਧਾਂਤਾਂ ਰਾਹੀਂ ਸਿੱਖੀ ਨਾਲ ਜੋੜਿਆ ਜਾਵੇਗਾ ।